ਹੁਣ ਬਰਗਾੜੀ ਮੋਰਚੇ ਵੱਲ ਵਧਣ ਲੱਗੇ ‘ਬਾਗ਼ੀ ਅਕਾਲੀ ਆਗੂ’ !!


ਬਾਦਲਾਂ ਖ਼ਿਲਾਫ਼ ਬਣੇ ਪੰਥਕ ਮਾਹੌਲ ਅਤੇ ਨਵੇਂ ਸਿਆਸੀ ਸੁਰਾਂ ਦੇ ਬਣ ਰਹੇ ਸੁਮੇਲ ਤੋਂ ਜਾਪਦਾ ਹੈ ਕਿ ਬਰਗਾੜੀ ਦੀ ਧਰਤੀ ਨਵੇਂ ਸ਼੍ਰੋਮਣੀ ਅਕਾਲੀ ਦਲ ਦੀ ਜਨਮ ਭੂਮੀ ਵੀ ਬਣ ਸਕਦੀ ਹੈ। ਭਾਵੇਂ ਸਿਆਸੀ ਕਿਆਸ ਅਗੇਤੇ ਹਨ ਪ੍ਰੰਤੂ ਨਵੇਂ ਪੰਥਕ ਰਾਹਾਂ ਨੇ ਬਰਗਾੜੀ ਵੱਲ ਮੋੜਾ ਕੱਟਣਾ ਸ਼ੁਰੂ ਕਰ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਤੋਂ ਬਾਗ਼ੀ ਹੋਏ ਅਕਾਲੀ ਆਗੂਆਂ ਨੇ ਵੀ ਬਰਗਾੜੀ ਵੱਲ ਮੂੰਹ ਕਰ ਲਏ ਹਨ।ਦੇਰ ਸਵੇਰ ਇਹ ਬਾਗ਼ੀ ਨੇਤਾ ‘ਬਰਗਾੜੀ ਇਨਸਾਫ਼ ਮੋਰਚਾ’ ਦੀ ਅਗਵਾਈ ਹੇਠ ਚੱਲ ਰਹੇ ਮੋਰਚੇ ਦੀ ਸਟੇਜ ’ਤੇ ਨਜ਼ਰ ਆ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ‘ਚ ਇਸ ਵੇਲੇ ‘‘ਤੂਫ਼ਾਨ ਤੋਂ ਪਹਿਲਾਂ ਵਾਲੀ ਸ਼ਾਂਤੀ’’ ਬਣੀ ਹੋਈ ਹੈ ਅਤੇ
ਅੰਦਰਖਾਤੇ ਨਾਰਾਜ਼ ਅਕਾਲੀ ਆਗੂਆਂ ਨੇ ਤੰਦ ਜੋੜਨੇ ਸ਼ੁਰੂ ਕਰ ਦਿੱਤੇ ਹਨ। ਬਰਗਾੜੀ ਇਨਸਾਫ਼ ਮੋਰਚਾ ਦੀ ਅਗਵਾਈ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਵਾਸਤੇ ਲਾਏ ਮੋਰਚੇ ‘ਚ ਪਹਿਲਾਂ 7 ਅਕਤੂਬਰ ਅਤੇ ਫਿਰ 14 ਅਕਤੂਬਰ ਨੂੰ ਹੋਏ ਵੱਡੇ ਪੰਥਕ ਇਕੱਠ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਧੁਰ ਅੰਦਰੋਂ ਹਲੂਣ ਦਿੱਤਾ ਹੈ।
ਬਾਗ਼ੀ ਅਕਾਲੀ ਆਗੂ ਵੀ ਬਰਗਾੜੀ ਇਨਸਾਫ਼ ਮੋਰਚਾ ਦੀ ਹਮਾਇਤ ਵਿਚ ਕੁੱਦਣ ਲਈ ਤਿਆਰ ਹੋ ਰਹੇ ਹਨ। ਸੂਤਰ ਦੱਸਦੇ ਹਨ ਕਿ ਬਾਗ਼ੀਆਂ ਨੇ ਜੋ ਨਵੀਂ ਵਿਉਂਤਬੰਦੀ ਘੜਨੀ ਸ਼ੁਰੂ ਕੀਤੀ ਹੈ, ਉਸ ‘ਚ ਨਵੇਂ ਐਲਾਨ ਬਰਗਾੜੀ ਦੀ ਧਰਤੀ ਤੋਂ ਕਰਨ ਦਾ ਫ਼ੈਸਲਾ ਹੈ। ਦੋ ਤਿੰਨ ਦਿਨ ਪਹਿਲਾਂ ਬਰਗਾੜੀ ਇਨਸਾਫ਼ ਮੋਰਚੇ ਦੇ ਸੀਨੀਅਰ ਮੈਂਬਰ ਨਾਲ ਇੱਕ ਬਾਗ਼ੀ ਅਕਾਲੀ ਨੇਤਾ ਨੇ ਮੁਕਤਸਰ ਵਿਚ ਮੁਲਾਕਾਤ ਵੀ ਕੀਤੀ ਸੀ। ਇਸ ਗੁਪਤ ਮੁਲਾਕਾਤ ਵਿਚ ਬਾਗ਼ੀ ਆਗੂ ਨੇ ਬਰਗਾੜੀ ਜਲਦੀ ਆਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਸਾਫ਼ ਕਰ ਦਿੱਤਾ ਹੈ ਕਿ ਹੁਣ ਉਹ ਪਿਛਾਂਹ ਨਹੀਂ ਹਟਣਗੇ।
ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਅੱਜ ਹਰਿਮੰਦਰ ਸਾਹਿਬ ਮੱਥਾ ਟੇਕਣ ਮਗਰੋਂ ਆਖਿਆ ਕਿ ਹੁਣ ਉਹ ਕੋਈ ਵੀ ਫ਼ੈਸਲਾ ਸਾਥੀਆਂ ਨਾਲ ਮਿਲ ਕੇ ਹੀ ਲੈਣਗੇ। ਬਰਗਾੜੀ ਇਨਸਾਫ਼ ਮੋਰਚਾ ਦੀ ਅਗਵਾਈ ਕਰ ਰਹੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਦਾ ਕਹਿਣਾ ਸੀ ਕਿ ਬਾਦਲਾਂ ਖ਼ਿਲਾਫ਼ ਬੇਅਦਬੀ ਦੇ ਮਾਮਲੇ ’ਤੇ ਵਿਰੋਧ ਵਿਚ ਉੱਤਰੇ ਬਾਗ਼ੀ ਸੁਰ ਵਾਲੇ ਆਗੂਆਂ ਦਾ ਉਹ ਬਰਗਾੜੀ ਆਉਣ ’ਤੇ ਸਵਾਗਤ ਕਰਨਗੇ। ਉਹ ਦੋਸ਼ੀਆਂ ਨੂੰ ਫੜਾਉਣ ਵਾਸਤੇ ਮੋਰਚੇ ਦੀ ਹਮਾਇਤ ਕਰਦੇ ਹਨ ਤਾਂ ਉਨ੍ਹਾਂ ਨੂੰ ਮੋਰਚਾ ‘ਜੀ ਆਇਆਂ’ ਆਖੇਗਾ।
ਇਸ ਨਾਲ ਮੋਰਚੇ ਨੂੰ ਵੀ ਮਜ਼ਬੂਤੀ ਮਿਲੇਗੀ। ਜਥੇਦਾਰ ਮੰਡ ਨੇ ਆਖਿਆ ਕਿ ਪੰਥ ਰਾਹ ਦਾ ਨਾਮ ਹੈ ਅਤੇ ਇੱਥੋਂ ਹੀ ਸਿਆਸੀ ਦਿਸ਼ਾ ਨਿਕਲੇਗੀ। ਦੱਸਣਯੋਗ ਹੈ ਕਿ ਬਰਗਾੜੀ ਵਿਚ ਹੋਏ ਉਪਰੋਥਲੀ ਦੋ ਵੱਡੇ ਪੰਥਕ ਇਕੱਠਾਂ ਨੇ ਲੋਕਾਂ ਦੀਆਂ ਭਾਵਨਾਵਾਂ ਤੇ ਵਿਚਾਰਾਂ ਨੂੰ ਉਜਾਗਰ ਕਰ ਦਿੱਤਾ ਹੈ।

Comments

Popular posts from this blog

ਪੰਜਾਬ ‘ਚ ਨਸ਼ਾ ਖਤਮ ਕਰਨ ਦੀਆਂ ਸੌਹਾਂ ਖਾਣ ਵਾਲੇ ਮੰਤਰਿਆਂ ਨੂੰ ਦਿਖਾਓ ਇਹ Video ..

ਵਿਧਾਇਕ ਬੈਂਸ ਦੇ ਨਾਂ ਤੇ ਫੇਸਬੁੱਕ ਤੇ ਅਪਲੋਡ ਹੋਈ ‘ਅਸ਼ਲੀਲ ਵੀਡੀਓ’ !!

129 ਸਾਲਾ ਇਹ ਮਾਤਾ ਰੱਬ ਕੋਲੋਂ ਮੰਗਦੀ ਹੈ ਆਪਣੀ ਮੌਤ,ਮਾਤਾ ਦੀ ਦਰਦਭਰੀ ਕਹਾਣੀ ਸੁਣ ਕੇ ਰੋਣ ਆ ਜਾਊ